ਬੁੱਢਾ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੁੱਢਾ ਸਿੰਘ (ਮ. 1718 ਈ.): ਸੁਕਰਚਕੀਆ ਖ਼ਾਨਦਾਨ ਦਾ ਮੋਢੀ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਸ. ਬੁੱਢਾ ਸਿੰਘ ਦਾ ਜਨਮ ਭਾਗ ਮੱਲ ਦੇ ਘਰ ਗੁਜਰਾਂਵਾਲਾ ਜ਼ਿਲ੍ਹੇ ਦੇ ਸੁਕਰਚਕ ਪਿੰਡ ਵਿਚ ਹੋਇਆ। ਇਸ ਨੇ ਗੁਰੂ ਹਰਿ ਰਾਇ ਜੀ ਤੋਂ ਸਿੱਖੀ ਧਾਰਣ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤਪਾਨ ਕੀਤਾ। ਉਸ ਤੋਂ ਬਾਦ ਇਹ ਗੁਰੂ ਜੀ ਦੁਆਰਾ ਲੜੇ ਯੁੱਧਾਂ ਵਿਚ ਸ਼ਾਮਲ ਹੋਇਆ। ਜਦੋਂ ਬੰਦਾ ਬਹਾਦਰ ਪੰਜਾਬ ਵਿਚ ਆਇਆ, ਤਾਂ ਇਹ ਆਪਣੇ ਦਲ-ਬਲ ਸਹਿਤ ਉਸ ਨਾਲ ਰਲ ਗਿਆ ਅਤੇ ਕਈ ਯੁੱਧਾਂ ਵਿਚ ਹਿੱਸਾ ਪਾਇਆ। ਇਸ ਨੇ ਆਪਣੇ ਪਿੰਡ ਵਿਚ ਇਕ ਵੱਡੀ ਹਵੇਲੀ ਬਣਵਾਈ ਅਤੇ ਸਾਰੇ ਇਲਾਕੇ ਵਿਚ ਆਪਣੀ ਧਾਕ ਜਮਾਈ। ਬਾਦ ਵਿਚ ਆਪਣੇ ਪਿੰਡ ਦਾ ਚੌਧਰੀ ਵੀ ਬਣਿਆ। ਇਹ ਇਕ ਨਿਡਰ ਯੋਧਾ ਸੀ। ਇਸ ਦੇ ਸ਼ਰੀਰ ਉਤੇ ਸ਼ਸਤ੍ਰਾਂ ਅਤੇ ਬੰਦੂਕਾਂ ਦੇ ਜ਼ਖ਼ਮਾਂ ਦੇ ਅਨੇਕ ਚਿੰਨ੍ਹ ਸਨ। ਘੋੜਸਵਾਰੀ ਵਿਚ ਇਸ ਦੀ ਬਹੁਤ ਰੁਚੀ ਸੀ। ਕਹਿੰਦੇ ਹਨ ਇਸ ਨੇ ‘ਦੇਸੀ’ ਨਾਂ ਦੀ ਆਪਣੀ ਚਿਤ-ਕਬਰੀ ਘੋੜੀ ਉਤੇ ਸਵਾਰ ਹੋ ਕੇ ਪੰਜਾਹ ਵਾਰ ਰਾਵੀ , ਚਨਾਬ ਅਤੇ ਜੇਹਲਮ ਦਰਿਆਵਾਂ ਨੂੰ ਪਾਰ ਕੀਤਾ। ਇਸ ਦਾ ਦੇਹਾਂਤ ਸੰਨ 1718 ਈ. ਵਿਚ ਹੋਇਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.